ਰਾਜ ਪੱਧਰੀ ਮੁਕਾਬਲਿਆਂ ਵਿੱਚ ਕੁਇਜ਼, ਕਵਿਤਾ ਗਾਇਣ, ਕਹਾਣੀ ਲੇਖਣ ਅਤੇ ਕਵਿਤਾ ਰਚਨਾ ਵਿੱਚ ਕੁੱਲ ਪੰਜ ਇਨਾਮ ਜਿੱਤ ਕੇ ਵਿਦਿਆਰਥੀਆਂ ਨੇ ਜ਼ਿਲ੍ਹੇ ਦਾ ਨਾਂ ਕੀਤਾ ਰੋਸ਼ਨ
ਫਾਜ਼ਿਲਕਾ, 17 ਨਵੰਬਰ
‘ਪੰਜਾਬੀ ਮਾਹ’ ਸਬੰਧੀ ਸਮਾਗਮਾਂ ਦੀ ਲੜੀ ਤਹਿਤ ਭਾਸ਼ਾ ਵਿਭਾਗ ਪੰਜਾਬ ਵਲੋਂ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਕਰਵਾਏ ਰਾਜ ਪੱਧਰੀ ਪ੍ਰਸ਼ਨੋਤਰੀ, ਸਿਰਜਣਾਤਮਕ ਅਤੇ ਕਵਿਤਾ ਗਾਇਨ ਮੁਕਾਬਲਿਆਂ ਵਿਚੋਂ ਜ਼ਿਲ੍ਹੇ ਦੇ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਭਾਸ਼ਾ ਅਫਸਰ ਭੁਪਿੰਦਰ ਉਤਰੇਜਾ ਨੇ ਦਿੱਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਭੁਪਿੰਦਰ ਉਤਰੇਜਾ ਜ਼ਿਲ੍ਹਾ ਭਾਸ਼ਾ ਅਫ਼ਸਰ ਫਾਜ਼ਿਲਕਾ ਅਤੇ ਸ.ਪਰਮਿੰਦਰ ਸਿੰਘ ਰੰਧਾਵਾ ਖੋਜ ਅਫ਼ਸਰ ਫਾਜ਼ਿਲਕਾ ਨੇ ਦੱਸਿਆ ਕਿ ਭਾਸ਼ਾਵਾਂ ਬਾਰੇ ਮੰਤਰੀ ਸ਼੍ਰੀ. ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਅਤੇ ਵਿਭਾਗ ਦੀ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਦੀ ਅਗਵਾਈ ਹੇਠ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ: ਵੀਰਪਾਲ ਕੌਰ ਦੀਆਂ ਹਦਾਇਤਾਂ ਅਨੁਸਾਰ ਸਕੂਲਾਂ ਅਤ ਕਾਲਜਾਂ ਦੇ ਵਿਦਿਆਰਥੀਆਂ ਦੀਆਂ ਸਿਰਜਣਾਤਮਕ ਰੁਚੀਆਂ ਦੀ ਪ੍ਰਫੁੱਲਤਾ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ਤਹਿਤ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਉਪਰੰਤ ਰਾਜ ਪੱਧਰੀ ਮੁਕਾਬਲੇ ਸਰਕਾਰੀ ਕਾਲਜ (ਲੜਕੀਆਂ) ਲੁਧਿਆਣਾ ਵਿਖੇ ਕਰਵਾਏ ਗਏ।
ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਪਹਿਲੇ ਅਤੇ ਦੂਜੇ ਸਥਾਨ ‘ਤੇ ਰਹਿਣ ਵਾਲੇ ਸਮੂਹ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ। ਰਾਜ ਪੱਧਰੀ ਕਵਿਤਾ ਗਾਇਣ ਮੁਕਾਬਲੇ ‘ਚੋਂ ਸਰਕਾਰੀ ਸੀ.ਸੈ.ਸਕੂਲ, ਕਿੜਿਆਂਵਾਲੀ (ਫਾਜ਼ਿਲਕਾ) ਦੇ ਵਿਦਿਆਰਥੀ ਰਜਨੀਤ ਸਿੰਘ ਨੇ ਦੂਜਾ ਸਥਾਨ, ਕਹਾਣੀ ਲੇਖਣ ਮੁਕਾਬਲੇ ਵਿੱਚ ਸਰਕਾਰੀ. ਸੀ.ਸੈ.ਸਕੂਲ, ਕੱਲਰਖੇੜਾ (ਫਾਜ਼ਿਲਕਾ) ਦੀ ਵਿਦਿਆਰਥਣ ਚੰਦਰਕਲਾ ਨੇ ਤੀਜਾ ਸਥਾਨ ਅਤੇ ਕਵਿਤਾ ਰਚਨਾ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ, ਆਲਮਗੜ੍ਹ (ਫਾਜ਼ਿਲਕਾ) ਦੀ ਵਿਦਿਆਰਥਣ ਦਿਵਿਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਤਰ੍ਹਾਂ ਰਾਜ ਪੱਧਰੀ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਜੋ ਕਿ ਡੀ.ਐਮ.ਕਾਲਜ ਮੋਗਾ ਵਿਖੇ ਕਰਵਾਏ ਗਏ, ਉਹਨਾਂ ਵਿੱਚ ਵੀ ਨੈਸ਼ਨਲ ਡਿਗਰੀ ਕਾਲਜ ਚੁਆੜਿਆਂਵਾਲੀ ਦੀ ਵਿਦਿਆਰਥਣ ਮਨਦੀਪ ਕੌਰ ਨੇ ਕਾਲਜ ਵਰਗ ਵਿੱਚ ਪਹਿਲਾਂ ਸਥਾਨ ਅਤੇ ਸਰਕਾਰੀ ਸ.ਸ.ਸ.(ਲੜਕੇ) ਜਲਾਲਾਬਾਦ ਦੇ ਵਿਦਿਆਰਥੀ ਸੁਨੀਲ ਕੁਮਾਰ ਨੇ ਸੀਨੀਅਰ ਸੈਕੰਡਰੀ ਵਰਗ ਵਿੱਚ ਪਹਿਲਾਂ ਸਥਾਨ ਪ੍ਰਾਪਤ ਕੀਤਾ ਸੀ। ਇਸ ਤਰ੍ਹਾ ਫਾਜ਼ਿਲਕਾ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਕੁਇਜ਼, ਕਵਿਤਾ ਗਾਇਣ, ਕਹਾਣੀ ਲੇਖਣ ਅਤੇ ਕਵਿਤਾ ਰਚਨਾ ਵਿੱਚ ਕੁੱਲ ਪੰਜ ਇਨਾਮ ਦੋ ਪਹਿਲੇ, 1 ਦੂਜਾ ਅਤੇ 2 ਤੀਜੇ ਇਨਾਮ ਜਿੱਤ ਕੇ ਵਿਦਿਆਰਥੀਆਂ ਨੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ।
ਭਾਸ਼ਾ ਅਧਿਕਾਰੀਆਂ ਨੇ ਵਿਦਿਆਰਥੀਆਂ ਦੀਆਂ ਇਨ੍ਹਾਂ ਮਾਣਮੱਤੀਆਂ ਪ੍ਰਾਪਤੀਆਂ ਲਈ ਵਿਦਿਆਰਥੀਆਂ ਉਹਨਾਂ ਦੇ ਅਧਿਆਪਕ, ਸਕੂਲ ਮੁਖੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਅਤੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
No comments