12 ਸਾਲਾਂ ਤੋਂ ਅਵਨੀਤ ਕੌਰ ਸਿੱਧੂ ਨੇ ਨਹੀਂ ਲਾਈ ਆਪਣੇ ਖੇਤ ਵਿਚ ਪਰਾਲੀ ਨੂੰ ਅੱਗ
ਹੋਰਨਾਂ ਕਿਸਾਨਾਂ ਲਈ ਬਣੇ ਉਦਾਹਰਨ
ਅਬੋਹਰ 20 ਨਵੰਬਰ
ਇੱਕ ਪਾਸੇ ਜਿੱਥੇ ਪੰਜਾਬ ਵਿੱਚ ਕਿਸਾਨ ਪਰਾਲੀ ਪ੍ਰਬੰਧਨ ਕਰਨ ਦੀ ਥਾਂ ਪਰਾਲੀ ਨੂੰ ਅੱਗ ਲਾ ਕੇ ਵਾਤਾਵਰਨ ਨੂੰ ਗੰਦਲਾ ਕਰਨ ਵਿੱਚ ਜਿੰਮੇਵਾਰ ਬਣ ਰਹੇ ਹਨ ਉਥੇ ਅਜਿਹੇ ਕਿਸਾਨ ਵੀ ਹਨ ਜਿਹੜੇ ਵਾਤਾਵਰਨ ਦੀ ਸੁਰੱਖਿਆ ਲਈ ਲੰਬੇ ਸਮੇਂ ਤੋਂ ਯਤਨਸ਼ੀਲ ਹਨ। ਅਜਿਹੀ ਉਦਾਹਰਨ ਪੇਸ਼ ਕਰਦੇ ਹਨ ਅਬੋਹਰ ਨਿਵਾਸੀ ਅਵਨੀਤ ਕੌਰ ਸਿੱਧੂ ਜਿਨਾਂ ਨੇ ਪਿਛਲੇ 12 ਸਾਲਾਂ ਤੋਂ ਆਪਣੇ ਖੇਤ ਵਿੱਚ ਹਰ ਸਾਲ ਝੋਨਾ ਤਾਂ ਬੀਜਿਆ ਪਰ ਕਦੇ ਪਰਾਲੀ ਨੂੰ ਅੱਗ ਤੱਕ ਨਹੀਂ ਲਾਈ। ਉਹ ਉਸ ਸਮੇਂ ਦੌਰਾਨ ਵੀ ਪਰਾਲੀ ਦਾ ਪ੍ਰਬੰਧਨ ਬਿਨਾਂ ਅੱਗ ਲਾਏ ਕਰਦੇ ਰਹੇ ਹਨ ਜਦੋਂ ਮਸ਼ੀਨਾਂ ਦੀ ਬੜੀ ਘਾਟ ਹੁੰਦੀ ਸੀ। ਅਵਨੀਤ ਕੌਰ ਸਿੱਧੂ ਬੇਸ਼ੱਕ ਖੁਦ ਗੁੜਗਾਵਾਂ ਵਿੱਚ ਰਹਿੰਦੇ ਨੇ ਪਰ ਉਹ ਜਿੱਥੇ ਆਪਣੇ ਜੱਦੀ ਸ਼ਹਿਰ ਅਬੋਹਰ ਵਿੱਚ ਸਮਾਜ ਸੇਵਾ ਵਿੱਚ ਵੱਡਾ ਯੋਗਦਾਨ ਪਾਉਂਦੇ ਨੇ ਉੱਥੇ ਉਹਨਾਂ ਵੱਲੋਂ ਆਪਣੇ ਖੇਤ ਪਰਾਲੀ ਨੂੰ ਅੱਗ ਨਾ ਲਾ ਕੇ ਵੱਡੀ ਉਦਾਹਰਨ ਪੇਸ਼ ਕੀਤੀ ਜਾ ਰਹੀ ਹੈ। ਅਵਨੀਤ ਕੌਰ ਸਿੱਧੂ ਦੇ ਖੇਤਾਂ ਦੀ ਸੰਭਾਲ ਕਰਨ ਵਾਲੇ ਰੂਪੇਸ਼ ਕੁਮਾਰ ਤੇ ਲਾਲ ਚੰਦ ਨੇ ਦੱਸਿਆ ਕਿ ਉਹ 40 ਏਕੜ ਵਿੱਚ ਹਰ ਸਾਲ ਝੋਨੇ ਦੀ ਬਜਾਈ ਕਰਦੇ ਹਨ ਤੇ ਝੋਨਾ ਵੱਢੇ ਜਾਣ ਤੋਂ ਬਾਅਦ ਪਰਾਲੀ ਦੀਆਂ ਗੱਠਾਂ ਬਣਾ ਕੇ ਵਾਹਣ ਖਾਲੀ ਕਰਵਾਉਂਦੇ ਹਨ। ਜਿਸ ਲਈ ਉਹ 600 ਰੁਪਏ ਪ੍ਰਤੀ ਏਕੜ ਗੱਠਾਂ ਬਣਾਉਣ ਵਾਲਿਆਂ ਨੂੰ ਦਿੰਦੇ ਹਨ ਤੇ ਗੱਠਾਂ ਬਣਾ ਕੇ ਉਹ ਆਪਣੇ ਆਪ ਲੈ ਜਾਂਦੇ ਨੇ। ਉਹਨਾਂ ਦੱਸਿਆ ਕਿ 2012 ਵਿੱਚ ਉਹਨਾਂ ਨੇ ਪਹਿਲੀ ਵਾਰ ਝੋਨਾ ਬੀਜਿਆ ਸੀ ਤੇ ਉਦੋਂ ਵੀ ਉਹਨਾਂ ਨੇ ਪਰਾਲੀ ਨੂੰ ਅੱਗ ਨਹੀਂ ਲਾਈ ਸੀ ਸਗੋਂ ਝੋਨਾ ਵੱਢਣ ਤੋਂ ਬਾਅਦ ਪਰਾਲੀ ਵਢਾ ਕੇ ਪਸ਼ੂ ਰੱਖਣ ਵਾਲਿਆਂ ਨੂੰ ਚੁਕਵਾ ਦਿੱਤੀ ਸੀ। ਉਹਨਾਂ ਹੋਰ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ ਸਗੋਂ ਪਰਾਲੀ ਦਾ ਪ੍ਰਬੰਧਨ ਕਰਨ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਵਾਤਾਵਰਨ ਦੀ ਸੁਰੱਖਿਆ ਕਰਨ। ਗੁੜਗਾਵਾਂ ਰਹਿੰਦੇ ਅਵਨੀਤ ਕੌਰ ਸਿੱਧੂ ਤੇ ਕਨੇਡਾ ਰਹਿੰਦੀ ਉਹਨਾਂ ਦੀ ਧੀ ਸੇਹਰ ਬਾਜਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਸੁਰੱਖਿਆ ਅਸੀਂ ਆਪ ਹੀ ਕਰਨੀ ਹੈ। ਜਿਸ ਲਈ ਸਾਨੂੰ ਸਾਰਿਆਂ ਨੂੰ ਸੋਚਣਾ ਪਵੇਗਾ ਉਨਾਂ ਕਿਹਾ ਕਿ ਪਰਾਲੀ ਦਾ ਪ੍ਰਬੰਧਨ ਔਖਾ ਜਰੂਰ ਹੋ ਸਕਦਾ ਹੈ ਪਰ ਨਾ-ਮੁਮਕਿਨ ਨਹੀਂ ਹੈ।ਜਿੱਥੇ ਪੰਜਾਬ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ ਉੱਥੇ ਸਾਡੇ ਸਾਰਿਆਂ ਦਾ ਵੀ ਫਰਜ਼ ਬਣਦਾ ਹੈ ਕਿ ਅਸੀਂ ਪਰਾਲੀ ਦੇ ਪ੍ਰਬੰਧਨ ਵਿੱਚ ਆਪਣਾ ਯੋਗਦਾਨ ਪਾਈਏ ਤੇ ਪਰਾਲੀ ਨੂੰ ਅੱਗ ਨਾ ਲਾ ਕੇ ਵਾਤਾਵਰਨ ਨੂੰ ਬਚਾਈਏ। ਉਧਰ ਫਾਜਿਲਕਾ ਦੇ ਡਿਪਟੀ ਕਮਿਸ਼ਨਰ ਡਾ.ਸੇਨੂ ਦੁੱਗਲ ਵੱਲੋਂ ਕਿਹਾ ਗਿਆ ਕਿ ਅਵਨੀਤ ਕੌਰ ਸਿੱਧੂ ਹਜ਼ਾਰਾਂ ਕਿਸਾਨਾਂ ਲਈ ਇੱਕ ਉਦਾਹਰਣ ਹਨ, ਜਿਹੜੇ ਔਰਤ ਹੋ ਕੇ ਵੀ ਆਪਣੇ ਸਮਾਜ ਤੇ ਆਪਣੇ ਵਾਤਾਵਰਨ ਲਈ ਚਿੰਤਤ ਹਨ। ਸਾਨੂੰ ਸਾਰਿਆਂ ਨੂੰ ਉਹਨਾਂ ਤੋਂ ਸਬਕ ਲੈਣਾ ਚਾਹੀਦਾ ਹੈ ਤੇ ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ।
No comments